ਕਪਟ ਪੂਰਬਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Fraudulently_ਕਪਟ ਪੂਰਬਕ: ਭਾਰਤੀ ਦੰਡ ਸੰਘਤਾ ਦੀ ਧਾਰਾ 25 ਅਨੁਸਾਰ, ‘‘ਕੋਈ ਵਿਅਕਤੀ ਕੋਈ ਗੱਲ ਕਪਟ ਪੂਰਬਕ ਕਰਦਾ ਕਿਹਾ ਜਾਂਦਾ ਹੈ, ਜੇ ਉਹ ਉਸ ਗੱਲ ਨੂੰ ਕਪਟ ਕਰਨ ਦੇ ਇਰਾਦੇ ਨਾਲ ਕਰਦਾ ਹੈ।’’ ਇਸ ਤਰ੍ਹਾਂ ਧਾਰਾ 25 ਵਿੱਚ ਕਪਟ ਕਰਨ ਦੇ ਇਰਾਦੇ ਨਾਲ ਕੀਤੀ ਗਈ ਗੱਲ ਨੂੰ ਕਪਟ ਪੂਰਬਕ ਕੀਤੀ ਗੱਲ ਕਿਹਾ ਗਿਆ ਹੈ। ਇਸ ਤਰ੍ਹਾਂ ਇਹ ਤੈਅ ਕਰਨ ਲਈ ਕਿ ਕੀ ਕੋਈ ਗੱਲ ਬੇਈਮਾਨੀ ਨਾਲ ਜਾਂ ਕਪਟ ਪੂਰਬਕ ਕੀਤੀ ਗਈ ਹੈ ਉਸ ਗੱਲ ਪਿੱਛੇ ਕੰਮ ਕਰ ਰਿਹਾ ਇਰਾਦਾ ਬਹੁਤ ਅਹਿਮ ਹੈ। ਲੇਕਿਨ ਇਸ ਧਾਰਾ ਵਿਚ ਇਹ ਗੱਲ ਸਪੱਸ਼ਟ ਨਹੀਂ ਕੀਤੀ ਗਈ ਕਿ ‘ਕਪਟ ਕਰਨ ਦੇ ਇਰਾਦੇ’ ਪਦ ਦਾ ਕੀ ਭਾਵ ਹੈ। ਸਰਵ ਉੱਚ ਅਦਾਲਤ ਨੇ ਐਸ.ਪੀ.ਚੇਂਗਲ ਵਰਾਯਾ ਨੈਡੂ ਬਨਾਮ ਜਗਨਨਾਥ (ਏ ਆਈ ਆਰ 1994 ਐਸ ਸੀ 853) ਵਿਚ ‘ਕਪਟ’ ਸ਼ਬਦ ਦਾ ਅਰਥ ਕਰਦਿਆਂ ਕਿਹਾ ਹੈ ਕਿ ਕਿਸੇ ਹੋਰ ਵਿਅਕਤੀ ਦਾ ਅਣਉਚਿਤ ਲਾਭ ਉਠਾ ਕੇ ਕੋਈ ਚੀਜ਼ ਹਾਸਲ ਕਰਨ ਦੇ ਮਨਸੂਬੇ ਨਾਲ ਸੋਚ ਵਿਚਾਰ ਕੇ ਕੀਤਾ ਗਿਆ ਧੋਖੇਬਾਜ਼ੀ ਦਾ ਕੰਮ ਹੈ। ਇਸ ਕੰਮ ਵਿਚ ਲਾਭ ਉਠਾਉਣ ਦੇ ਇਰਾਦੇ ਨਾਲ ਬਟਵਾਰੇ ਦੇ ਦਾਵੇ ਵਿਚ ਸੁਸੰਗਤ ਅਤੇ ਅਹਿਮ ਦਸਤਾਵੇਜ਼ ਪਰਗਟ ਨਹੀਂ ਸੀ ਕੀਤਾ ਗਿਆ। ਸਰਵਉੱਚ ਅਦਾਲਤ ਨੇ ਵਿਮਲਾ ਬਨਾਮ ਦਿੱਲੀ ਐਡਮਨਿਸਟਰਸ਼ਨ (ਏ ਆਈ ਆਰ 1963 ਐਸ ਸੀ 1572) ਵਿਚ ਕਿਹਾ ਹੈ ਕਿ ਕਪਟ ਕਰਨ ਵਿਚ ਉਸ ਵਿਅਕਤੀ ਜਿਸ ਨਾਲ ਧੋਖਾ ਕੀਤਾ ਜਾਂਦਾ ਹੈ, ਨੂੰ ਧੋਖੇ ਨਾਲ ਹਾਨ ਪਹੁੰਚਾਉਣ ਦਾ ਅੰਸ਼ ਪਹਿਲਾ ਹੀ ਸ਼ਾਮਲ ਹੁੰਦਾ ਹੈ। ਅਦਾਲਤ ਅਨੁਸਾਰ ਅਪਰਾਧਕ ਪ੍ਰਯੋਜਨਾ ਲਈ ਕਿਸੇ ਧੋਖੇ ਦੇ ਕਪਟ-ਪੂਰਨ ਲਛਣ ਦਾ ਕਤਈ ਟੈਸਟ ਇਹ ਹੈ ਕਿ ਕੀ ਧੋਖਾ ਕਰਨ ਵਾਲੇ ਨੇ ਉਸ ਤੋਂ ਕੋਈ ਲਾਭ ਉਠਾਇਆ ਹੈ, ਜੋ ਉਹ ਤਦ ਨਹੀਂ ਸੀ ਉਠਾ ਸਕਦਾ ਜੇ ਸੱਚ ਪਰਗਟ ਕੀਤਾ ਗਿਆ ਹੁੰਦਾ। ਜੇ ਉਸ ਨੇ ਇਸ ਤਰ੍ਹਾਂ ਕੋਈ ਲਾਭ ਉਠਾਇਆ ਹੈ ਤਾਂ ਇਹ ਸੰਭਵ ਹੀ ਨਹੀਂ ਕਿ ਉਸ ਲਾਭ ਦੇ ਬਰਾਬਰ ਕਿਸੇ ਹੋਰ ਨੂੰ ਹਾਨ ਨ ਹੋਇਆ ਹੋਵੇ,ਅਤੇ ਜੇ ਹੈ, ਤਾਂ ਇਹ ਫ਼ਰਾਡ ਹੈ।’’

       ਸਰ ਜੇਮਜ਼ ਸਟੀਫ਼ਨ ਨੇ ਆਪਣੀ ਪੁਸਤਕ ‘ਹਿਸਟਰੀ ਆਫ਼ ਕ੍ਰਿਮੀਨਲ ਲਾ ਆਫ਼ ਇੰਗਲੈਂਡ (ਜਿਲਦ-2, ਪੰ. 121) ਵਿਚ ਕਿਹਾ ਹੈ ਕਿ ਜਦੋਂ ਵੀ ਕਿਸੇ ਅਪਰਾਧ ਦੀ ਪਰਿਭਾਸ਼ਾ ਵਿਚ ‘‘‘ਕਪਟ ਜਾਂ ਕਪਟ ਕਰਨ ਦਾ ਇਰਾਦਾ’ ਦੇ ਸ਼ਬਦ ਆਉਣ ਉਥੇ ਉਸ ਅਪਰਾਧ ਦੇ ਕੀਤੇ ਜਾਣ ਵਿਚ ਘਟ ਤੋਂ ਘਟ ਦੋ ਘਟਕ ਅਰਥਾਤ ਇਕ ਧੋਖਾ ਜਾਂ ਧੋਖਾ ਕਰਨ ਦਾ ਇਰਾਦਾ ਜਾਂ ਕੁਝ ਕੇਸਾਂ ਵਿਚ ਸਿਰਫ਼ ਗੋਪਤਾ ਅਤੇ ਦੂਜੇ ਉਸ ਧੋਖੇ ਜਾਂ ਗੋਪਤਾ ਦੁਆਰਾ ਜਾਂ ਤਾਂ ਵਾਸਤਵਿਕ ਹਾਨ ਜਾਂ ਸੰਭਵ ਹਾਨ ਜ਼ਰੂਰੀ ਹਨ।’’ ਉਹ ਕੇਵਲ ਇਰਾਦੇ ਨੂੰ ਸਭ ਕੁਝ ਨਹੀਂ ਸਮਝਦਾ। ਉਸ ਦਾ ਕਹਿਣਾ ਹੈ ਕਿ ਕਪਟ ਦੇ ਲਗਭਗ ਹਰੇਕ ਕੇਸ ਵਿਚ ਕਪਟ ਕਰਨ ਵਾਲੇ ਦੇ ਉਪਰੋਕਤ ਕਿਸਮ ਦੇ ਇਰਾਦੇ ਦੇ ਨਾਲ ਉਸ ਦਾ ਆਪਣਾ ਲਾਭ ਸ਼ਾਮਲ ਹੁੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.